13/11/2019
"ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਭਾਰਤੀ ਸਿਆਸਤ"
ਸਾਲ 2019 ਦੇ ਸ਼ੁਰੂ ਤੋਂ ਹੀ ਸਾਹਿਬ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾਣ ਲੱਗ ਪਿਆ ਸੀ. ਬਹੁਤੇ ਸਿਖਾਂ ਨੇ ਵਿਸਾਖ ਮਹੀਨੇ 'ਚ ਗੁਰੂ ਬਾਬੇ ਦਾ ਦਿਹਾੜਾ ਮਨਾਇਆ ਸੀ ਪਰ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਸ਼ੁਰੂ ਕਰਨ ਲਈ ਸਮਾਂ ਚਾਹੀਦਾ ਸੀ ਇਸ ਵਾਸਤੇ ਮਹੂਰਤ ਲਈ (ਬ੍ਰਾਹਮਣਵਾਦੀ ਕਰਮ ਕਾਂਡ) ਨਵੰਬਰ ਦਾ ਮਹੀਨਾ ਚੁਣਿਆ ਗਿਆ. ਇਸ ਲਾਂਘੇ ਨੂੰ ਸ਼ੁਰੂ ਕਰਨ ਲਈ ਕੌਮਾਂਤਰੀ ਪੱਧਰ 'ਤੇ ਧੂਮ ਧਾਮ ਨਾਲ ਪ੍ਰਚਾਰ ਕੀਤਾ ਗਿਆ. ਸਿੱਖ ਖੁਦ ਹੀ ਇੱਕ ਦੂਜੇ ਤੋਂ ਅੱਗੇ ਵੱਧ ਕੇ ਇਸ ਪ੍ਰਚਾਰ 'ਚ ਕੁੱਦ ਪਏ. ਅਜਿਹਾ ਕਰਨ ਲਈ ਸਿਖਾਂ ਨੂੰ 72 ਸਾਲਾਂ ਤੋਂ ਗੁਰਦੁਆਰਿਆਂ 'ਚ ਦੋ ਵੇਲੇ ਕੀਤੀ ਜਾਂਦੀ 'ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ' ਦੀ ਅਰਦਾਸ ਪੂਰੀ ਹੁੰਦੀ ਪ੍ਰਤੀਤ ਕਰਵਾਈ ਗਈ. ਇੱਕ ਹੱਦ ਤੱਕ ਇਹ ਗੱਲ ਦਰੁਸਤ ਵੀ ਹੈ, ਕਿਉਂਕਿ ਇਸ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਹਨ ਅਤੇ ਅਸੀਂ ਕੋਈ ਹੋਰ ਦੂਜੀ ਗੱਲ ਨਹੀਂ ਸੁਣ ਸਕਦੇ. ਪਰ ਇਸ ਸਭ ਦੇ ਪਿੱਛੇ ਕੁਝ ਅਜਿਹਾ ਵੀ ਹੋ ਰਿਹਾ ਹੈ ਅਤੇ ਭਵਿੱਖ ਵਿਚ ਹੋਵੇਗਾ ਜਿਹੜਾ ਹਾਲ ਦੀ ਘੜੀ ਸਾਨੂੰ ਦਿਖਾਈ ਨਹੀਂ ਦੇ ਰਿਹਾ.
ਕੀ ਹੋਇਆ?
1. ਕਰਤਾਰਪੁਰ ਸਾਹਿਬ ਦੇ ਇਮਾਰਤੀ ਢਾਂਚੇ ਅਤੇ ਆਲੇ ਦੁਆਲੇ ਨਾਲ ਛੇੜਛਾੜ ਕਰਕੇ ਪਾਕਿਸਤਾਨ 'ਚ 200 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਹੀ ਸਲਾਮਤ ਬਚ ਗਈਆਂ ਸਿੱਖ ਵਿਰਾਸਤੀ ਇਮਾਰਤਾਂ ਨੂੰ ਕਾਰਸੇਵਾ ਦੇ ਨਾਮ 'ਤੇ ਚਿੱਟੇ ਸੰਗਮਰਮਰ ਦੇ ਢਾਂਚਿਆਂ 'ਚ ਤਬਦੀਲ ਕਰ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ. ਇਸ ਲਈ ਕੁਝ ਸਮਾਂ ਪਹਿਲਾਂ ਜਗਤਾਰ ਸਿੰਘ ਤਰਨਤਾਰਨ ਅਤੇ ਇੰਗਲੈਂਡ ਦੇ ਕੁਝ ਸਿਖਾਂ ਨੇ ਬਾਕਾਇਦਾ ਕੰਮ ਸ਼ੁਰੂ ਕਰ ਦਿੱਤਾ ਹੋਇਆ ਹੈ.
2. ਇੰਗਲੈਂਡ ਦੇ ਸਿੱਖ ਉੱਦਮੀ ਵਜੋਂ ਪ੍ਰਚਾਰੇ ਗਏ ਪੀਟਰ ਵਿਰਦੀ (ਸ਼ਰਾਬ ਦੇ ਕਾਰੋਬਾਰੀ) ਜਿਸ ਬਾਰੇ ਸਾਰੇ ਯੂਰੋਪ ਵਾਲੇ ਚੰਗੀ ਤਰਾਂ ਜਾਣਦੇ ਹਨ, ਵੱਲੋਂ 500 ਮਿਲੀਅਨ ਪੌਂਡ ਦੀ ਰਕਮ ਪਾਕਿਸਤਾਨ ਨੂੰ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਦੇਣ ਦਾ ਐਲਾਨ ਡੂੰਘੇ ਮੁਤਾਲਿਆ ਦੀ ਮੰਗ ਕਰਦਾ ਹੈ. ਇਹ ਰਕਮ ਪਾਕਿਸਤਾਨ 'ਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਨਹੀਂ ਬਲਕਿ ਗੁਰਦੁਆਰਿਆਂ ਦੇ ਨਾਲ ਨਾਲ ਪੰਜ ਤਾਰਾ ਹੋਟਲ ਉਸਾਰਨ ਲਈ ਪੀਟਰ ਵਿਰਦੀ ਬਿਜ਼ਨਸ ਗਰੁੱਪ ਵੱਲੋਂ ਖਰਚੀ ਜਾ ਰਹੀ ਹੈ. ਇਸ ਨਾਲ ਪਾਕਿਸਤਾਨ ਦੀ ਇਕੋਨੋਮੀ ਨੂੰ ਤਾਂ ਵੱਡਾ ਫਾਇਦਾ ਹੋ ਸਕਦਾ ਹੈ ਪਰ ਗੁਰਦੁਆਰਿਆਂ ਜਾਂ ਸਿਖਾਂ ਨੂੰ ਕੋਈ ਰੱਤੀ ਭਰ ਵੀ ਫਾਇਦਾ ਨਹੀਂ ਹੋਣ ਵਾਲਾ.
3. ਜਾਹਨ ਮੈਕਡੋਨਲਡ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਭਾਈ ਮਰਦਾਨਾ ਸੇਵਾ ਸੋਸਾਇਟੀ ਦੇ ਚਿਰਾਂ ਤੋਂ ਕੀਤੇ ਜਾ ਰਹੇ ਯਤਨਾਂ ਸਦਕਾ ਖੁੱਲੇ ਕਰਤਾਰਪੁਰ ਸਾਹਿਬ ਲਾਂਘੇ ਲਈ ਨਵਜੋਤ ਸਿੱਧੂ ਨੂੰ ਅੱਗੇ ਕਿਵੇਂ ਅਤੇ ਕਿਉਂ ਲਿਆਂਦਾ ਗਿਆ ਇਹ ਗੱਲ ਆਮ ਸਿੱਖ ਦੀ ਸਮਝ 'ਚ ਆਉਣ ਲਈ ਹਾਲੇ ਦੇਰ ਲੱਗੇਗੀ. ਕੈਪਟਨ ਅਮਰਿੰਦਰ ਨਾਲ ਕਲੇਸ਼ ਪੈਣ ਦੇ ਬਾਅਦ ਨਵਜੋਤ ਸਿੱਧੂ ਦੀਆਂ ਨਾਗਪੁਰ ਅਤੇ ਦਿੱਲੀ ਦੇ ਕਰੋਲ ਬਾਗ ਝੰਡੇਵਾਲਾਂਨ ਵਿਖੇ ਮੋਹਨ ਭਾਗਵਤ ਅਤੇ ਸੰਘ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਇੰਦਰੇਸ਼ ਨਾਲ ਹੋਈਆਂ ਬੈਠਕਾਂ ਕੁਝ ਨਵਾਂ ਕਰਨ ਵਾਲੀਆਂ ਸਨ. ਅਖੰਡ ਭਾਰਤ ਅਤੇ ਹਿੰਦੂ ਭਾਰਤ ਲਈ ਰਸਤਾ ਬਣਾਉਣ ਵਾਸਤੇ ਸੰਘ ਨੂੰ ਕੁਝ ਸਾਲਾਂ ਦਾ ਸਮਾਂ ਹੋਰ ਚਾਹੀਦਾ ਸੀ ਤਾਂ ਕਿ ਭਾਰਤ ਦੇ ਮੁਸਲਮਾਨ ਅਤੇ ਘਟਗਿਣਤੀ ਕੌਮਾਂ ਨਾਲ ਸਬੰਧਤ ਲੋਕ ਬ੍ਰਾਹਮਣਵਾਦੀ ਤਾਕਤਾਂ ਦਾ ਬਿਸਤਰਾ ਗੋਲ ਨਾ ਕਰ ਦੇਣ. ਇਸ ਲਈ ਸਿੱਧੂ ਦੀ (ਪਾਕਿਸਤਾਨ ਦੇ ਨਵੇਂ ਬਣੇ ਮੁਖੀ) ਇਮਰਾਨ ਖਾਨ ਨਾਲ ਕ੍ਰਿਕਟ ਦੇ ਦਿਨਾਂ ਦੀ ਦੋਸਤੀ ਨੂੰ ਵਰਤਿਆ ਗਿਆ. ਪਾਕਿਸਤਾਨ ਵੀ ਆਪਣੀ ਇਕੋਨੋਮੀ ਨੂੰ ਬੇਹਤਰ ਬਣਾਉਣ ਲਈ ਅੰਦਰੂਨੀ ਅਮਨ ਚਾਹੁੰਦਾ ਸੀ ਇਸ ਲਈ ਇਮਰਾਨ ਖਾਨ ਦੇ ਮੁਲਕ ਦੀ ਵਾਗਡੋਰ ਸੰਭਾਲਦਿਆਂ ਹੀ ਉਸਨੇ ਕਸ਼ਮੀਰ ਦੇ ਮਾਮਲਿਆਂ 'ਚ ਦਖਲ ਅੰਦਾਜ਼ੀ ਬਿਲਕੁਲ ਬੰਦ ਕਰ ਦਿਤੀ. ਧਾਰਾ 370 ਦੇ ਖਤਮ ਹੋਣ 'ਤੇ ਵੀ ਪਾਕਿਸਤਾਨ ਨੇ ਮਹਿਜ਼ ਦਿਖਾਵੇ ਜੋਗੀ ਬਿਆਨਬਾਜ਼ੀ ਹੀ ਕੀਤੀ. ਇਸ ਲਈ ਅਮਰੀਕਾ ਨੇ ਉਹਦੇ ਕੰਨ 'ਚ ਚੰਗੀ ਤਰਾਂ ਫੂਕ ਮਾਰ ਦਿਤੀ ਹੋਈ ਸੀ. ਸੋ ਭਾਰਤ 'ਚ 2019 ਦੀਆਂ ਲੋਕ ਸਭ ਚੋਣਾਂ ਦੌਰਾਨ ਮੋਦੀ ਪਾਰਟੀ ਨੇ ਜਿਹੜੀ ਝੱਗ ਪਾਕਿਸਤਾਨ ਦੇ ਵਿਰੁੱਧ ਖਿਲਾਰੀ ਸੀ ਉਸ ਨੂੰ ਨਵਜੋਤ ਸਿੱਧੂ ਜਿਹਾ ਸ਼ਬਦ ਖਿਡਾਰੀ ਹੀ ਸਮੇਟ ਸਕਦਾ ਸੀ.
4. ਜਿਸ ਤਰੀਕੇ ਨਾਲ ਕਰਤਾਰਪੁਰ ਸਾਹਿਬ ਵਿਖੇ ਨਵਜੋਤ ਸਿੱਧੂ ਨੇ (ਪਾਕਿਸਤਾਨ ਲਈ ਭਾਰਤ ਦਾ ਦੂਤ) ਭਾਸ਼ਣ ਦਿੱਤਾ ਉਸ ਤੋਂ ਸਾਫ ਜ਼ਾਹਿਰ ਹੋ ਰਿਹਾ ਸੀ ਕਿ ਭਾਰਤ ਨੇ ਉਸ ਨੂੰ 14 ਕਰੋੜ ਸਿਖਾਂ ਦਾ ਇੱਕੋ ਇੱਕ ਆਗੂ ਬਣਾ ਕੇ ਪੇਸ਼ ਕਰਨ 'ਚ ਮਾਨਸਿਕ ਪੈਂਤੜੇਬਾਜ਼ੀ ਸ਼ੁਰੂ ਕਰ ਦਿਤੀ ਹੈ. ਉਸ ਦਾ ਭਾਸ਼ਣ ਬਹੁਤ ਵਧੀਆ ਸੀ, ਜਿਹੜਾ ਕਿ ਹਰ ਸਿੱਖ ਵੱਲੋਂ ਪਸੰਦ ਕੀਤਾ ਗਿਆ. ਸਿਖਾਂ ਦਾ ਕੋਈ ਵੀ ਆਗੂ ਅਜਿਹਾ ਭਾਸ਼ਣ ਦੇਣ ਦੀ ਇੱਛਾ ਜਰੂਰ ਰੱਖਦਾ ਹੋਵੇਗਾ. ਪਰ ਇਹ ਗੱਲ ਮਹਿਜ਼ ਗਿਣਤੀ ਦੇ ਲੋਕਾਂ ਨੂੰ ਹੀ ਮਹਿਸੂਸ ਹੋਈ ਹੋਵੇਗੀ ਕਿ ਲਹਿੰਦੇ ਪੰਜਾਬ ਦੇ ਧੁਰ ਚੜ੍ਹਦੇ ਵੱਲ ਬਾਬੇ ਨਾਨਕ ਦੀ ਧਰਤੀ ਪੁਰ ਜਿਥੇ 99% ਲੋਕ ਪੰਜਾਬੀ ਬੋਲਣ ਅਤੇ ਸਮਝਣ ਵਾਲੇ ਸੰਗਤ ਰੂਪ 'ਚ ਇਕੱਠੇ ਹੋਏ ਸਨ ਉਹਨਾਂ ਅੱਗੇ ਹਿੰਦੀ ਭਾਸ਼ਾ 'ਚ ਬੋਲਣ ਲਈ ਸਿੱਧੂ ਨੂੰ ਇੰਦਰੇਸ਼ ਅਤੇ ਮੋਹਨ ਭਾਗਵਤ ਦੀਆਂ ਹਦਾਇਤਾਂ ਦੀ ਪਾਲਣਾ ਕਿਉਂ ਕਰਨੀ ਪਈ? ਆਪਣੇ ਭਾਸ਼ਣ 'ਚ ਸਿੱਖ ਸੱਭਿਆਚਾਰ ਵਾਲੇ ਸ਼ਬਦਾਂ ਦੀ ਥਾਂ ਸਿੱਧੂ ਨੇ 'ਲਾਫਟਰ ਸ਼ੋਅ' ਦੀ ਲਤੀਫੇਬਾਜ਼ੀ 'ਠੋਕੋ ਤਾਲੀ, ਠੋਕੋ ਠੋਕੋ' ਨੂੰ ਕਈ ਵਾਰ ਵਰਤਿਆ.
5. ਜੇ ਈਸਾਈ ਭਾਈਚਾਰੇ ਦੇ ਲੋਕ ਆਪਣੇ ਲਿਬਾਸ ਯਾ ਹੋਰ ਚਿਨ੍ਹਾਂ ਨਾਲ ਵਿਚਰਦੇ ਹਨ, ਮੁਸਲਮਾਨ ਭਾਈਚਾਰੇ ਦੇ ਲੋਕ ਤਸਬੀਹ ਹੱਥ ਵਿਚ ਰੱਖਦੇ ਹਨ ਅਤੇ ਯਹੂਦੀ ਲੋਕ ਸਿਰ 'ਤੇ ਛੋਟੀ ਟੋਪੀ ਪਹਿਨਦੇ ਹਨ ਤਾਂ ਸਿੱਖਾਂ ਦੇ ਆਗੂ ਦੇ ਤੌਰ 'ਤੇ ਕਰਤਾਰਪੁਰ ਸਾਹਿਬ ਗਏ ਸਿੱਧੂ ਨੂੰ ਹਿੰਦੂ ਸੰਸਕ੍ਰਿਤੀ ਦਾ ਸਾਂਗ ਰਚਾਉਣ ਲਈ ਆਪਣੇ ਆਕਾਵਾਂ ਦਾ ਹੁਕਮ ਮੰਨਣ ਲਈ ਕਿਉਂ ਮਜ਼ਬੂਰ ਹੋਣਾ ਪਿਆ? ਉਸਦੇ ਹੱਥ ਵਿਚ ਪਾਏ ਲਾਲ ਧਾਗੇ ਸਿੱਧੂ ਦਾ ਇਹ ਡਰ ਪ੍ਰਗਟ ਕਰ ਰਹੇ ਸਨ ਕਿ ਜੇ ਉਸਨੇ ਕਮੀਜ਼ ਦੀ ਪੂਰੀ ਬਾਂਹ ਉਤਾਰ ਕੇ ਧਾਗਿਆਂ ਨੂੰ ਢਕ ਲਿਆ ਤਾਂ ਸ਼ਾਇਦ ਉਸ ਨੂੰ ਭਾਰਤ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ.
ਸੰਘ ਪਰਿਵਾਰ 'ਚ ਦਾਖਲਾ ਪਾਉਣ ਲਈ ਕੁਝ ਸਖਤ ਨੇਮ ਨਿਭਾਉਣੇ ਪੈਂਦੇ ਹਨ ਅਤੇ ਇਸ ਲਈ ਕਈ ਚੋਟੀ ਦੇ ਕਾਂਗਰਸੀ ਅਤੇ ਭਾਜਪਾਈ ਆਗੂ ਵੀ ਖਰੇ ਨਹੀਂ ਉਤਰੇ. ਸੰਘ 'ਚ ਦਾਖਲਾ ਪਾਉਣ ਲਈ ਰਾਮ ਚੰਦਰ ਨੂੰ ਭਾਰਤ ਵਰਸ਼ ਦਾ ਬਾਨੀ ਅਤੇ ਧਰਮ ਤੇ ਰਾਜਨੀਤਕ ਰੱਬ ਮੰਨਣਾ ਪਹਿਲੀ ਸ਼ਰਤ ਹੈ. ਇਸ ਦੇ ਨਾਲ ਹੀ ਸ਼ਿਵ ਲਿੰਗ ਦੀ ਪੂਜਾ ਅਰਚਨਾ ਅਤੇ ਨੇਮ ਨਾਲ ਚਾਲੀਸੇ ਕੱਟਣੇ ਇਸ ਦੀਆਂ ਵਾਧੂ ਵਿਧੀਆਂ ਤਹਿਤ ਆਉਂਦੇ ਹਨ. ਜਿਹਨਾਂ 'ਤੇ ਚੱਲਦਿਆਂ ਨਵਜੋਤ ਸਿੱਧੂ ਨੇ ਸੰਘ 'ਚ ਦਾਖਲਾ ਪਾਇਆ ਸੀ, ਉਹ ਵਰਤ-ਨੇਮ ਅਤੇ ਪੂਜਾ ਰਚਨਾਂ ਦੀਆਂ ਵਿਧੀਆਂ ਹਾਲੇ ਜਾਰੀ ਹਨ. ਇਹਨਾਂ ਦਾ ਸੰਬੰਧ ਉਸ ਦੀ ਆਪਣੀ ਇੱਛਾ ਹੈ, ਉਹ ਕਿਸੇ ਵੀ ਧਰਮ ਨੂੰ ਨਿਭਾ ਸਕਦਾ ਹੈ, ਪਰ ਇੱਕ ਸਿੱਖ ਆਗੂ ਦੇ ਤੌਰ 'ਤੇ ਇਹ ਸਭ ਅਖਰੇਗਾ. ਹੌਲੀ ਹੌਲੀ ਹਰ ਸਿੱਖ ਲਈ ਇਹ ਗੱਲ ਸਾਫ ਹੁੰਦੀ ਜਾਵੇਗੀ.
2022 ਦੀਆਂ ਪੰਜਾਬ ਵਿਧਾਨ ਸਭ ਚੋਣਾਂ ਹਾਲੇ ਦੂਰ ਹਨ. ਭਾਜਪਾ ਤੇ ਸੰਘ ਨੇ ਪੰਜਾਬ 'ਚ ਨਿਰੋਲ ਸਨਾਤਨੀ ਸਰਕਾਰ ਬਣਾਉਣ ਲਈ ਤਿਆਰੀ ਪਿਛਲੇ 6 ਸਾਲਾਂ ਤੋਂ ਅਰੰਭੀ ਹੋਈ ਹੈ. ਅਗਲੇ ਇੱਕ ਸਾਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਜਾਵੇਗਾ ਇਸ ਲਈ ਸਿਖਾਂ ਦੀ ਨਵੀਂ ਨਵੀਂ ਉਭਰ ਰਹੀ ਇੱਕ ਧਾਰਮਿਕ ਦਿੱਖ ਵਾਲੀ ਪਾਰਟੀ ਨੂੰ ਅਸ਼ੀਰਵਾਦ ਮਿਲ ਚੁੱਕਾ ਹੈ. ਪੰਜਾਬ 'ਚ ਨਿਰੋਲ ਸਨਾਤਨੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਬਾਦਲਾਂ ਨੇ ਰਾਹ ਬਣਾ ਕੇ ਦਿੱਤਾ ਅਤੇ ਇਸ ਦੇ ਬਾਅਦ ਉਹ ਖੁਦ ਹੀ ਖਤਮ ਹੋ ਗਏ ਹਨ. ਹੁਣ ਅਮਰਿੰਦਰ ਸਰਕਾਰ ਸੰਘ ਦੀ ਅੰਦਰੂਨੀ ਮਦਦ ਕਰ ਰਹੀ ਹੈ. ਮਦਦ ਲੈਣ ਦੇ ਬਾਅਦ ਸੰਘ ਅਮਰਿੰਦਰ ਨੂੰ ਵੀ ਖਾ ਜਾਵੇਗਾ.
ਇਹ ਗੱਲਾਂ ਹੌਲੀ ਹੌਲੀ ਸਮਝ ਆਉਣਗੀਆਂ. ਸਮਝ ਆਉਣ ਦੇ ਬਾਅਦ ਸਾਰਿਆਂ ਨੂੰ ਅਫਸੋਸ ਇਸ ਗੱਲ ਦਾ ਹੋਵੇਗਾ ਕਿ ਉਹ ਸਮੇਂ ਸਿਰ ਕੁਝ ਵੀ ਕਿਉਂ ਨਹੀਂ ਬੋਲੇ? ਇਹ ਵੀ ਅਖਰੇਗਾ ਕਿ ਸਿੱਖਾਂ ਕੋਲ ਇੱਕ ਵੀ ਅਜਿਹਾ ਲੀਡਰ ਨਹੀਂ ਜੋ ਇਮਾਨਦਾਰੀ ਨਾਲ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਨਾਅਰਾ ਮਾਰ ਕੇ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਣ ਦਾ ਸਬੂਤ ਦੇ ਸਕੇ. ਇੰਝ ਘਟਨਾਵਾਂ ਦੇ ਆਰ-ਪਾਰ ਦੇਖਣ ਅਤੇ ਘੋਖਣ ਦੇ ਬਾਅਦ ਵਿਦੇਸ਼ਾਂ ਦੀ ਧਰਤੀ 'ਤੇ ਸਿੱਖ ਸਟੇਟ ਲਈ ਨਾਅਰੇ ਮਾਰਨ ਵਾਲੇ ਸਹੀ ਪ੍ਰਤੀਤ ਹੋਣ ਲੱਗਣਗੇ.
ਸੁਰਿੰਦਰ ਸਿੰਘ, ਟਾਕਿੰਗ ਪੰਜਾਬ