30/05/2025
ਜਿਹੜਾ ਆਪਾਂ ਨੂੰ ਸਰੀਰ ਦਿੱਤਾ ਰੱਬ ਨੇਂ ਜਾਂ ਬੰਦੇ ਦੀ ਜੂਨ ਕਹਿ ਲਵੋ, ਵੈਸੇ ਜੋ ਗੱਲ ਮੈਂ ਕਰਨ ਲੱਗਿਆਂ ਉਹਦੇ ਹਿਸਾਬ ਨਾਲ ਸਰੀਰ ਵੱਧ ਢੁੱਕਦਾ ਜੂਨ ਨਾਲੋਂ (ਨਾਸਤਿਕ ਬੰਦਿਆਂ ਲਈ ਇਹ ਪੋਸਟ ਨਹੀਂ ਲਿਖੀ ਗਈ ਸੋ ਮੇਰੀ ਮਿੰਨਤ ਆਲੀ ਗੱਲ ਆ ਮੇਰੇ ਚਾਰ ਅੱਖਰ ਤਰਕ ਦੀ ਸਾਣ ਤੇ ਲਾਕੇ ਦਾਤੀ ਵਾਂਗੂੰ ਤਿੱਖੇ ਨਾ ਕਰਨ ਲੱਗ ਪਿਉ) । ਰੱਬ ਵੱਲੋਂ ਮਿਲੀ ਇਸ ਬੰਦੇ ਦੀ ਜੂਨ, ਇਸ ਸਰੀਰ ਦਾ ਹਿਸਾਬ ਹੈਗਾ ਕਿਰਾਏ ਤੇ ਲਿਆਂਦੀ ਸੈਲਫ ਡਰਾਈਵ ਕਾਰ ਆਲਾ । ਬੱਸ ਐਨਾ ਫਰਕ ਆ ਕਿ ਜੇ ਕਾਰ ਨਾਲ ਤੋੜ ਭੰਨ ਕੀਤੀ ਤਾਂ ਮੋੜਣ ਵੇਲੇ ਮਾਲਕ ਨੂੰ ਨੁਕਸਾਨ ਭਰਨਾ ਪੈਣਾ, ਸਰੀਰ ਆਲੇ ਮਾਮਲੇ ਚ ਰੱਬ ਨਾਲ ਖੁੱਲੀ ਖੇਡ ਆ ਬਿਨਾਂ ਕਿਸੇ ਜੁਰਮਾਨੇ ਦੇ । ਜਿਹੜਾ ਮਾੜਾ ਮੋਟਾ ਧਿਆਨ ਰੱਖਣਾ ਆਪਾਂ ਸਰੀਰ ਦਾ ਜਿਵੇਂ ਥੋੜੀ ਬਹੁਤ ਕਸਰਤ ਕਰਲੀ ਤਾਂ ਕਿ ਬੰਦਾ ਤੁਰਦਾ ਫਿਰਦਾ ਰਹੇ, ਉਹ ਹਿਸਾਬ ਕਾਰ ਦੀ ਸਰਵਿਸ ਕਰਾਉਣ ਆਲਾ ਹੀ ਆ ਕੋਈ ਬਾਹਲਾ ਫਰਕ ਨੀਂ । ਜਿਹੜੇ ਬੰਦੇ ਬਾਹਲੇ ਹੀ health conscious ਆ, ਜਿਹੜੇ ਆਪ ਘੱਟਾ ਢੋਈ ਜਾਂਦੇ ਆ ਨਾਲੇ ਆਵਦੇ ਚੇਲੇ ਢੋਹਣ ਲਾ ਰੱਖੇ ਆ । ਜਿਵੇਂ ਮਿੱਠਾ ਨੀ ਖਾਣਾ, ਤਲਿਆ ਨੀ ਖਾਣਾ, ਨਸ਼ਾ ਨੀ ਕਰਨਾ, ਆਹ ਨੀ ਕਰਨਾ, ਔਹ ਨੀ ਕਰਨਾ, ਇਹੋ ਜੇ ਮਿਣਕੇ ਮੂਤਨ ਆਲੇ ਬੰਦੇ ਜਦੋਂ ਮਰਨ ਮਗਰੋਂ ਰੱਬ ਦੇ ਮੱਥੇ ਲੱਗਣਗੇ ਤਾਂ ਕੀ ਮੂੰਹ ਦਿਖਾਉਣਗੇ ? ਰੱਬ ਨੇ ਕਹਿਣਾ ਸਾਲਿਆ ਜਿਹੋ ਜੀ ਕਾਰ ਦਿੱਤੀ ਸੀ, ਜਮਾਂ ਉਹੋ ਜੀ ਮੋੜ ਲਿਆਇਆਂ । ਐਂ ਲੱਗਦਾ ਜਿਵੇਂ ਕਵਰ ਪਾਕੇ ਸਬਾਤ ਚ ਠੱਲਤੀ ਤੇ ਬਾਹਰਲੀ ਹਵਾ ਈ ਨੀ ਲਵਾਈ ਕਦੇ ?
ਰੱਬ ਵੱਲੋ ਦਿੱਤੀ ਕਾਰ ਜਦੋਂ ਮੋੜਣ ਦਾ ਟੈਮ ਆਵੇ ਤਾਂ ਸਾਰੇ ਲਾਂਭੇ ਲਾਹੇ ਹੋਣੇ ਚਾਹੀਦੇ ਆ । ਡਿੱਗੀ ਤੇ ਬੋਨਟ ਦੋਵੇਂ ਚਿੱਬੇ ਹੋਣ, ਛੱਤ ਜੰਗਾਲੀ ਪਈ ਹੋਵੇ । ਸਾਈਡਾਂ ਮਾਰ ਮਾਰ ਅੰਦਰ ਵਾੜੀਆਂ ਬਾਰੀਆਂ ਚੱਜ ਨਾਲ ਨਾਂ ਖੁੱਲਦੀਆਂ ਹੋਣ ਤੇ ਨਾਂ ਬੰਦ । ਥਾਂਓਂ ਥਾਂਓਂ ਤੇਲ ਤੇ ਪਾਣੀ ਲੀਕ ਕਰਦਾ ਹੋਵੇ । ਅਗਲੇ ਸ਼ੀਸ਼ੇ ਦੇ ਹਾਲਾਤ ਐਂ ਹੋਣ ਵੀ ਵਾਈਪਰ ਛੱਡੇ ਤੋਂ ਸਾਫ ਘੱਟ ਹੋਵੇ ਤੇ ਲਿੱਬੜੇ ਬਾਹਲਾ । ਡਰੈਵਰੀ ਐਸੀ ਹੋਵੇ ਕਿ ਲਿਜਾਣ ਲਈ ਨਾਲ ਬੈਠੇ ਜਮਦੂਤ ਆਖਣ ਭਰਾ ਬਣਕੇ ਉਤਾਰਦੇ ਮੈਨੂੰ, ਚੱਲ ਤੂੰ ਪਹੁੰਚ ਉੱਥੇ ਮੂਹਰੇ ਮੂਹਰੇ ਤੇ ਮੈਂ ਕਿਸੇ ਨੂੰ ਹੱਥ ਦੇਕੇ ਆ ਜਾਨਾਂ । ਮੰਜਲ ਤੇ ਪਹੁੰਚਕੇ ਨਾਲ ਬੈਠਾ ਜਮਦੂਤ ਬਾਰੀ ਖੋਲਣ ਸਾਰੇ ਆਖੇ ਵੀ ‘ਭੈਣਚੋ ਮਾਰਤੇ ਸੀ ਅੱਜ ਤਾਂ ਸਾਲੇ ਕਲੰਨ ਨੇਂ’ । ਟੈਂਕੀ ਆਲਾ ਸਾਰਾ ਤੇਲ ਮਚਾਕੇ ਘੜਿੱਚ ਘੜਿੱਚ ਕਰਦੀ ਬੱਸ ਦਰਵਾਜੇ ਤੱਕ ਹੀ ਪਹੁੰਚੇ ਤੇ ਬੰਦ ਹੋਈ ਨੂੰ ਚਿੱਤਰਗੁਪਤ, ਧਰਮਰਾਜ, ਯਮਰਾਜ ਤੇ ਜਮਦੂਤ ਹੋਰੀਂ ਧੱਕਾ ਲਾਕੇ ਅੰਦਰ ਕਰਨ ।
ਬਾਕੀ ਸਾਰਿਆਂ ਦੀ ਪੇਸ਼ੀ ਵਾਰੀ ਕੁਰਸੀ ਤੇ ਗੰਭੀਰ ਮੁਦਰਾ ਚ ਬੈਠਾ ਰਿਹਾ ਰੱਬ ਫਿਰ ਵੱਡੇ ਬਾਦਲ ਵਾਂਗੂੰ ਐਨਕਾਂ ਉੱਤੋਂ ਦੀ ਝਾਕੇ ਤੇ ਉੱਠਕੇ ਆਜੇ । ਫਿਰ ਥੋੜਾ ਜਿਹਾ ਮੁਸਕਰਾ ਕੇ, ਮੁਆਇਨਾ ਕਰਦਿਆਂ ਚਾਰੇ ਪਾਸੇ ਗੇੜਾ ਕੱਢਕੇ ਆਖੇ ਵੀ ‘ਬੱਲੇ ਸ਼ੇਰਾ ! ਸਵਾਦ ਆ ਗਿਆ ਦੇਖਕੇ’ ।
ਬਾਈ ਗੱਡੀ ਚਾਹੇ ਨਵੀਂ ਨਕੋਰ ਮੋੜਦੋ ਜਾਕੇ ਤੇ ਚਾਹੇ ਪੂਰਾ ਸਵਾਦ ਲੈਕੇ ਟੁੱਟੀ ਭੱਜੀ । ਮੁੱਦੇ ਆਲੀ ਗੱਲ ਇਹ ਹੈ ਕਿ ਕੁਛ ਸਮੇਂ ਲਈ ਮਿਲੀ ਇਹ ਗੱਡੀ ਹਰ ਬੰਦੇ ਨੂੰ ਮੋੜਣੀ ਹੀ ਪੈਣੀ ਆ, ਆਵਦੀ ਮਾਲਕੀ ਕੋਈ ਨੀਂ ਇਹਦੇ ਤੇ । ਨਾਂ ਕਿਸੇ ਦੀ ਪਹਿਲਾਂ ਹੋਈ ਆ ਤੇ ਨਾਂ ਹੀ ਅਗਾਂਹ ਹੋਣੀ ਆ ।
ਨੋਟ :- ਜਿੰਦਗੀ ਚਾਹੇ ਰੰਗ ਬਰੰਗੀ ਜਿਉਂ ਲਵੋ ਚਾਹੇ ਹਿੰਦੀ ਫਿਲਮਾਂ ਆਲੀ ਵਿਧਵਾ ਦੀ ਸਾੜੀ ਵਰਗੀ ਨੀਰਸ । ਜਿੰਨੀਂ ਮਰਜ਼ੀ ਸਿਆਣਪ ਘੋਟਲੋ, no one gets out alive ।
Be like the Night King, anything else can go and f**k itself.